Aqaab - 8 in Punjabi Fiction Stories by Prabodh Kumar Govil books and stories PDF | ਉਕਾ਼ਬ - 8

Featured Books
Categories
Share

ਉਕਾ਼ਬ - 8

ਅੱਠ

(8)

—ਨਹੀਂ—ਨਹੀਂ, ਏਧਰ ਨਹੀਂ, ਓ ਨੋ ਛੋਕਰੀ, ਕੀ ਕਰਦੀ ਏਂ? ਓਏ ਨਹੀਂ ਬਾਬਾ।।।!

ਲੜਕੇ ਨੇ ਬੁੱਢੇ ਦੇ ਮਿੱਟੀ ਦੇ ਪਿਆਲੇ ਵਿੱਚ ਖੋੜ੍ਹੀ ਹੋਰ ਸ਼ਰਾਬ ਪਾ ਦਿੱਤੀ, ਬੋਤਲ ’ਚੋਂ। ਬੁੱਢੇ ਨੇ ਕਾਤਰ ਨਜ਼ਰੇ ਮੁਟਿਆਰ ਵੱਲ ਦੇਖਿਆ ਦੇ ਮੁੜ ਸ਼ਰਾਬ ਪੀਣ ਵਿੱਚ ਮਸਤ ਹੋ ਗਿਆ। ਬੁੱਢੇ ਦੀਆਂ ਅੱਖਾਂ ਲਾਲ ਹੋ ਰਹੀਆਂ ਸਨ, ਵਿੱਚ—ਵਿੱਚ ਹਿਚਕੀ ਵੀ ਲੈਣ ਲੱਗ ਪਿਆ ਸੀ। ਲੜਕਾ ਬਿਲਕੁਲ ਉਸਦੇ ਨਜ਼ਦੀਕ ਆ ਗਿਆ ਤੇ ਉਸਦੀ ਬਾਂਹ ਫੜਕੇ ਪਿਆਲੇ ਵਾਲਾ ਹੱਥ ਆਪਣੇ ਨੇੜੇ ਕਰਕੇ ਬੋਤਲ ਵਿੱਚੋਂ ਝੱਗ ਵਾਲੀ ਸ਼ਰਾਬ ਪਾ ਕੇ ਉਸਦਾ ਪਿਆਲਾ ਮੁੜ ਉੱਪਰ ਤੱਕ ਭਰ ਦਿੱਤਾ। ਬੁੱਢਾ ਅੱਖਾਂ ਮਚਕਾਉਂਦਾ ਹੋਇਆ ਮਸ਼ਕਰੀਆਂ ਵਿੱਚ ਹੱਸਦਾ ਹੈ ਤੇ ਅਪਨੱਤ ਭਾਵ ਨਾਲ ਲੜਕੇ ਵੱਲ ਝਾਕਦਾ ਹੈ। ਲੜਕਾ ਵੀ ਮੁਸਤੈਦ ਸੀ ਜਿਵੇਂ ਉਸਦਾ ਮਕਸਦ ਅੱਜ ਬੁੱਢੇ ਨੂੰ ਰੱਜ ਕੇ ਸ਼ਰਾਬ ਪਿਆਉਣ ਦਾ ਹੋਵੇ।

ਬੁੱਢੇ ਦਾ ਧਿਆਨ ਹੁਣ ਪੂਰੀ ਤਰਾਂ ਕੁੜੀ ਤੋਂ ਹੱਟ ਚੁੱਕਾ ਸੀ। ਹੁਣ ਉਸਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਸੀ ਕਿ ਉਹ ਕੁੜੀ ਕੀ ਕਰ ਰਹੀ ਹੈ। ਲੜਕੇ ਨੇ ਸਹਾਰਾ ਦੇ ਕੇ ਬੁੱਢੇ ਨੂੰ ਕੋਲ ਪਈ ਮੰਜੀ ਤੇ ਬਿਠਾ ਦਿੱਤਾ। ਭਾਵੇਂ ਬੁੱਢਾ ਬੈਠਣਾ ਨਹੀਂ ਸੀ ਚਾਹੁੰਦਾ ਪਰ ਲੜਕੇ ਨੇ ਉਸਦੀ ਪਿੱਠ ਤੇ ਦਬਾ ਪਾਇਆ, ਜਿਵੇਂ ਉਸ ਨੂੰ ਜਬਰਣ ਬੈਠਾ ਦੇਣਾ ਚਾਹੁੰਦਾ ਸੀ।

ਸਾਹਮਣੇ ਜੋ ਪਾਣੀ ਵਗ ਰਿਹਾ ਸੀ, ਉਹ ਕਿਸੇ ਨਦੀ ਨਾਲੋਂ ਵੱਧਕੇ ਨਾਲਾ ਜਾਂ ਕੋਈ ਨਹਿਰ ਲੱਗਦੀ ਸੀ। ਉਸਦੀ ਚੌੜਾਈ ਇਹੀ ਕੋਈ ਪੰਜੀ—ਤੀਹ ਫੁੱਟ ਹੋਵੇਗੀ। ਜੰਗਲ ਦੇ ਇਸੇ ਭਾਗ ਵਿੱਚ ਇਹ ਨਹਿਰ ਘੱਟ ਚੌੜੀ ਸੀ, ਬਾਕੀ ਜਰਾ ਅੱਗੇ ਵੱਧ ਕੇ ਦੇਖੋ ਤਾਂ ਬਹੁਤ ਚੌੜੀ ਹੋ ਜਾਂਦੀ ਹੈ। ਥੋੜ੍ਹਾ ਪਿੱਛੇ ਜਾ ਕੇ ਦੇਖੋ ਤਾਂ ਵੀ ਇਹ ਅਗਲੇ ਪਾਸੇ ਵਾਂਗ ਹੀ ਚੌੜੀ ਹੈ। ਬਸ ਸਿਰਫ ਇਸੇ ਹਿੱਸੇ ਵਿੱਚ ਹੀ ਪਾਣੀ ਘੁੰਮ ਕੇ ਇਕ ਪਤਲੀ ਧਾਰ ਦੇ ਰੂਪ ਵਿੱਚ ਵੱਗਦਾ ਜਾ ਰਿਹਾ ਸੀ। ਪਾਣੀ ਜਦ ਕਿਸੇ ਘੱਟ ਚੌੜੇ ਹਿੱਸੇ ਵਿੱਚ ਲੰਘਦਾ ਹੈ ਤਾਂ ਉਸਦਾ ਬਹਾਓ ਤੇਜ਼ ਹੋ ਜਾਂਦਾ ਹੈ।

 

ਇਸ ਰੋਹੜ ਵਿੱਚ ਇਹ ਸਾਫ਼ ਪਾਣੀ ਇੱਕ ਬਰਫਾਨੀ ਦਰਿਆ ਵਾਂਗ ਦਿਸਦਾ ਹੈ, ਪਾਣੀ ਦੀ ਗਹਿਰਾਈ ਵੀ ਇੱਥੇ ਜ਼ਿਆਦਾ ਸੀ।

ਉੱਪਰ ਤੋਂ ਹੇਠ ਤੱਕ ਖੂਬ ਭਾਰੀ ਓਵਰਕੋਟ ਪਾਈ ਲੰਬੀ—ਚਿੱਟੀ ਦਾੜ੍ਹੀ ਤੇ ਸੁਰਖ ਲਾਲ ਚਮੜੀ ਵਾਲਾ ਬੁੱਢਾ ਉਂਝ ਮੋਟਾ—ਝੋਟਾ ਲੱਗਦਾ ਸੀ। ਇਸ ਬਿਆਬਾਨ ਵਿੱਚ ਇੱਥੇ ਉਹ ਕੀ ਕਰਦਾ ਹੋਵੇਗਾ, ਕਹਿਣਾ ਮੁਸ਼ਕਿਲ ਹੈ। ਪਰ ਉੱਥੇ ਪਏ ਇੱਕ ਪੁਰਾਣੇ ਸ਼ੈੱਡ ਦੇ ਕੋਲ ਪਈ ਇੱਕ ਮੰਜੀ ਅਤੇ ਸਟੂਲ ਪਿਆ ਦੇਖ ਕੇ ਸਹਿਜ਼ੇ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਬਜ਼ੁਰਗ ਇੱਥੇ ਹੀ ਰਹਿੰਦਾ ਹੋਵੇਗਾ। ਇੱਕ ਛੋਟੇ ਜਿਹੇ ਬੂਹੇ ਤੇ ਮਾਮੂਲੀ ਤਾਕੀ ਵਾਲਾ ਉਸਦਾ ਘਰ, ਘਰ ਨਾ ਹੋ ਕੇ ਕੋਠੜੀ ਹੀ ਨਜ਼ਰ ਆਉਂਦੀ ਸੀ। ਘਰ ਦੀ ਤਾਕੀ ਕਈ ਦਿਨਾਂ ਤੋਂ ਬੰਦ ਲੱਗਦੀ ਸੀ। ਬੂਹਾ ਵੀ ਜਿਵੇਂ ਘੱਟ ਹੀ ਖੁੱਲਦਾ ਲੱਗਦਾ ਸੀ। ਬੁੱਢੇ ਨੇ ਆਪਣੇ ਪੈਰਾਂ ਵਿੱਚ ਚਮੜੇ ਦੇ ਭਾਰੀ ਬੂਟ ਪਾ ਰੱਖੇ ਸਨ। ਬੁੱਢੇ—ਬਜ਼ੁਰਗ ਦੀ ਇਹ ਪੂਰੀ ਜਮਾ—ਜਾਇਦਾਦ ਦੇਖ ਕੇ ਲੱਗਦਾ ਸੀ ਕਿ ਜਿਵੇਂ ਕੋਈ ਸਰਕਾਰੀ ਡਿਊਟੀ ਦੇ ਰਿਹਾ ਹੋਵੇ, ਪਰ ਇਸ ਬਿਆਬਾਨ ਜੰਗਲ ਵਿੱਚ ਘਣੇ ਦਰਖਤਾਂ ਨਾਲ ਘਿਰੇ ਹੋਏ ਸੁਨਸਾਨ ਕੋਨੇ ਵਿੱਚ ਅਜਿਹਾ ਕੀ ਸੀ, ਜਿਸ ਹਿੱਤ ਕਿਸੇ ਵਾਚਮੈਨ ਨੂੰ ਤੈਨਾਤ ਕੀਤਾ ਜਾ ਸਕੇ। ਇਹ ਸਮਝ ਤੋਂ ਪਰੇ ਸੀ ਤੇ ਨਾ ਮੰਨਣਯੋਗ ਵੀ। ਬਜ਼ੁਰਗ ਥੋੜੇ ਬਹੁਤ ਅੱਖਰ ਤਾਂ ਅੰਗਰੇਜ਼ੀ ਦੇ ਬੋਲਦਾ ਸੀ ਆਪਣੀ ਭਾਰੀ ਆਵਾਜ਼ ਵਿੱਚ, ਪਰ ਇਹ ਸਾਫ਼ ਸੀ ਕਿ ਅੰਗਰੇਜ਼ੀ ਉਹ ਨਹੀਂ ਜਾਣਦਾ। ਉਸ ਦੇ ਬੋਲਣ ਵਿੱਚ ਕੋਈ ਇੱਕ—ਅੱਧ ਲਫ਼ਜ਼ ਅੰਗਰੇਜ਼ੀ ਦਾ ਹੁੰਦਾ ਤੇ ਬਾਕੀ ਪਤਾ ਨਹੀਂ ਕੀ ਬੋਲ ਜਾਂਦਾ।

ਇਸ ਪਾਸੇ ਤਾਂ ਉੱਚੇ—ਉੱਚੇ ਰੰਗਦਾਰ ਦਰਖਤਾਂ ਦਾ ਸੰਘਣਾ ਜੰਗਲ ਸੀ, ਪਰ ਪਾਣੀ ਦੀ ਇਸ ਨਹਿਰ ਦੇ ਪਾਰ ਵਲ ਕੋਈ ਦਰਖਤ ਵੀ ਨਹੀਂ ਸੀ ਦਿਖਦਾ। ਸਫੇਦ ਰੇਤੇ ਦੇ ਮੈਦਾਨ ਦੇਖ ਕੇ ਲੱਗਦਾ ਸੀ ਜਿਵੇਂ ਸਾਲ ਦੇ ਜ਼ਿਆਦਾ ਹਿੱਸੇ ਵਿੱਚ ਇੱਥੇ ਬਰਫ਼ ਜੰਮੀ ਰਹਿੰਦੀ ਹੋਵੇਗੀ। ਕੁਝ ਕਿਲੋਮੀਟਰਾਂ ਤੱਕ ਫੈਲੇ ਮੈਦਾਨ ਦੇ ਅੱਗੇ ਹੌਲੇ—ਹੌਲੇ ਉੱਚੇ ਹੁੰਦੇ ਜਾਂਦੇ ਪਹਾੜਾਂ ਦੀ ਲੰਬੀ ਕਤਾਰ ਸੀ। ਇਸ ਕਤਾਰ ਤੋਂ ਜਰਾ ਹੋਰ ਅੱਗੇ ਪਹਾੜਾਂ ਦੀਆਂ ਚੋਟੀਆਂ ਤੇ ਹੁਣ ਵੀ ਬਰਫ਼ ਜੰਮੀ ਹੋਈ ਨਜ਼ਰ ਆ ਰਹੀ ਸੀ। ਅੱਧੀ ਰਾਤ ਹੋ ਜਾਣ ਤੇ ਵੀ ਪਹਾੜਾਂ ਦੀਆਂ ਚੋਟੀਆਂ ਦੇ ਇਸ ਤਰਾਂ ਚਮਕਨ ਤੋਂ ਭਾਵ ਸਪਸ਼ਟ ਸੀ ਕਿ ਸ਼ਾਇਦ ਰਾਤਾਂ ਪੂਰਨਮਾਸ਼ੀ ਦੀਆਂ ਹੋਣਗੀਆਂ। ਇਹ ਵੀ ਸੰਭਵ ਸੀ ਕਿ ਉਸ ਦਿਨ ਪੂਰਨਮਾਸ਼ੀ ਹੀ ਹੋਵੇ। ਚਾਣਨੀ ਰਾਤ ਵਿੱਚ ਚਮਕਦਾ ਸਭ ਕੁਝ ਸਾਫ਼ ਦਿਖਾਈ ਦੇ ਰਿਹਾ ਸੀ। ਪਰ ਇਹ ਸਭ ਨਦੀ ਦੇ ਪਹਿਲੇ ਇਲਾਕੇ ਦੀ ਗੱਲ ਸੀ। ਨਦੀ ਦੇ ਇਸ ਪਾਸੇ ਤਾਂ ਸੰਘਣੇ ਜੰਗਲ ਅਤੇ ਇੱਕ ਦੂਸਰੇ ਨਾਲ ਜੁੜੇ ਹੋਏ ਅਣਗਿਣਤ ਦਰਖਤਾਂ ਤੋਂ ਇਲਾਵਾ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ।

ਬੁੱਢੇ ਦੇ ਓਵਰਕੋਟ ਦੀਆਂ ਜੇਬਾਂ ਬੜੀਆਂ ਵੱਡੀਆਂ ਸਨ। ਬਾਹਰੋਂ ਦੇਖਣ ਤੇ ਵੀ ਲੱਗਦਾ ਸੀ ਕਿ ਉਨ੍ਹਾਂ ਵਿੱਚ ਪਤਾ ਨਹੀਂ ਕੀ—ਕੀ ਠੋਸਿਆ ਹੋਵੇਗਾ। ਹੋ ਸਕਦਾ ਹੈ ਕਿ ਪਿਸਤੌਲ, ਬੰਦੂਕ ਜਾਂ ਦੇਸੀ ਕੱਟੇ ਵਰਗਾ ਕੋਈ ਹਥਿਆਰ ਵੀ ਰੱਖਿਆ ਹੋਵੇ। ਇਸ ਸੰਨਾਟੇ ਵਿੱਚ ਜੇਕਰ ਇਹ ਬੁੱਢਾ ਕੋਈ ਡਿਊਟੀ ਦੇ ਰਿਹਾ ਹੈ ਤਾਂ ਜ਼ਰੂਰੀ ਹੈ ਕਿ ਉਸਨੂੰ ਨਿਹੱਥਾ ਨਹੀਂ ਸੀ ਛੱਡਿਆ ਜਾ ਸਕਦਾ।

ਵੈਸੇ ਵੀ ਇਸ ਬਜ਼ੁਰਗ ਦੇ ਕੋਲ ਕੋਈ ਬੈਗ, ਥੈਲਾ, ਸੰਦੂਕ—ਬਕਸਾ ਆਦਿ ਨਹੀਂ ਸੀ ਦਿਖ ਰਿਹਾ। ਬਸ ਜੋ ਕੁਝ ਹੋਵੇਗਾ, ਉਸ ਦੀਆਂ ਜ਼ੇਬਾਂ ਵਿੱਚ ਹੀ ਭਰਿਆ ਪਿਆ ਸੀ। ਕੁਝ ਕੁ ਦੂਰੀ ਦੇ ਫਾਸਲੇ ਤੇ ਬਣਿਆ ਉਸਦਾ ਘਰ—ਟਿਕਾਣਾ ਜਾਂ ਦਫ਼ਤਰ ਜੋ ਵੀ ਸੀ, ਬਾਬੇ ਆਦਮ ਦੇ ਜ਼ਮਾਨੇ ਦੇ ਬੰਦ ਦਰਵਾਜ਼ੇ ਨਾਲ ਜੁੜਿਆ ਹੋਇਆ ਲੱਗਦਾ ਸੀ। ਉਸ ਵਿੱਚ ਰੱਖੇ ਸਮਾਨ ਨੂੰ ਜੇ ਕਦੇ ਅਚਾਨਕ ਔਖੇ ਵੇਲੇ ਖੋਲ੍ਹਣਾ ਪੈ ਜਾਏ ਤਾਂ ਜ਼ਰੂਰ ਹੈ ਕਿ ਬੁੱਢੇ ਨੂੰ ਪੰਜ—ਸੱਤ ਮਿੰਟ ਲੱਗ ਜਾਂਦੇ ਹੋਣਗੇ। ਫਿਰ ਵੀ ਬੰਦ ਦਰਵਾਜ਼ੇ ਨੂੰ ਦੇਖਕੇ ਅਨੁਮਾਨ ਹੁੰਦਾ ਕਿ ਇਹ ਵੀ ਕਿਸੇ ਤੰਤ੍ਰ—ਮੰਤ੍ਰ ਦੀ ਸ਼ਕਤੀ ਜਾਂ ਫੇਰ ਪਸ਼ੂ ਵਰਗੀ ਤਾਕਤ ਨਾਲ ਧੱਕਾ ਮਾਰਨ ਤੇ ਹੀ ਖੁੱਲ ਸਕਦਾ ਹੋਵੇਗਾ। ਸੋ ਜੇਕਰ ਬੁੱਢਾ ਸੱਚਮੁਚ ਹੀ ਕਿਸੇ ਡਿਊਟੀ ਨਿਭਾਉਣ ਲਈ ਉੱਥੇ ਸੀ ਤਾਂ ਉਸਦੇ ਪਾਸ ਹੋਣ ਵਾਲਾ ਹਥਿਆਰ—ਔਜ਼ਾਰ ਵੀ ਉਸਦੇ ਓਵਰਕੋਟ ਦੀਆਂ ਜ਼ੇਬਾਂ ਵਿੱਚ ਹੀ ਹੋ ਸਕਦਾ ਸੀ। ਇੱਥੇ ਖੜਿ੍ਹਆਂ ਨੂੰ ਕੋਠੜੀ ਦੇ ਪਿਛਵਾੜੇ ਕਿਸੇ ਗੇਟ ਦੇ ਹੋਣ ਦਾ ਪਤਾ ਨਹੀਂ ਸੀ ਲੱਗਦਾ।

ਬੁੱਢੇ ਨੇ ਲੜਕੇ ਨੂੰ ਦੱਸਿਆ ਕਿ ਇੱਕ ਵੱਡੀ ਮੁਰਗਾਬੀ ਦੇ ਮਾਸ ਨੂੰ ਉਹ ਪੱਤਿਆਂ ਵਿੱਚ ਲਪੇਟ ਕੇ ਲੈ ਆਇਆ ਕਰਦਾ ਹੈ ਖਾਣ ਵਾਸਤੇ। ਇਥੇ ਇੱਕ ਛੋਟੇ ਹੀਟਰ ਤੇ ਅੱਗ ਬਾਲ ਕੇ ਕਦੇ ਕਦੇ ਗਰਮ ਕਰਕੇ ਖਾ ਲੈਂਦਾ ਹੈ। ਜ਼ਾਹਿਰ ਹੈ ਕਿ ਹੀਟਰ ਬਿਜ਼ਲੀ ਦਾ ਨਹੀਂ ਸੀ ਬਲਕਿ ਉਸ ਵਿੱਚ ਲਕੜਾਂ, ਕਾਗਜ਼ ਜਾਂ ਸੁੱਕੇ ਕਿਸੇ ਦਰਖ਼ਤ ਦੇ ਸੱਕ ਪਾ ਕੇ ਮਾਚਿਸ ਨਾਲ ਹੀ ਬਾਲ ਲੈਂਦਾ ਹੋਵੇਗਾ। ਇਸ ਉਲਝਣ ਵਿੱਚ ਕਦੇ ਕਦੇ ਵਿਚਾਰੇ ਨੂੰ ਠੰਡਾ ਮਾਸ ਵੀ ਖਾਣਾ ਪੈ ਜਾਂਦਾ ਸੀ। ਇਸ ਏਰੀਏ ਵਿੱਚ ਗਰਮੀ ਤਾਂ ਸਾਲ ਵਿੱਚ ਸਿਰਫ 15 ਦਿਨ ਹੀ ਪੈਂਦੀ ਸੀ। ਗਰਮੀ ਕਾਹਦੀ ਬਸ ਐਨਾ ਸੀ ਕਿ ਨਦੀ ਦੇ ਪਾਣੀ ਵਿੱਚ ਬਰਫ਼ ਦੇ ਟੁਕੜੇ ਨਹੀਂ ਸਨ ਰੁੜ੍ਹਦੇ। ਬੁੱਢਾ ਇਸੇ ਨੂੰ ਗਰਮੀ ਕਹਿ ਲੈਂਦਾ ਸੀ ਤੇ ਸਾਰਾ ਸਾਲ ਇਸੇ ਨੂੰ ਯਾਦ ਕਰਦਾ ਰਹਿੰਦਾ। ਵੈਸੇ ਕਦੇ—ਕਦੇ ਛੋਟੀਆਂ ਚਿੜੀਆਂ ਵੀ ਇੱਥੇ ਦੇਖਣ ਲਈ ਮਿਲ ਜਾਂਦੀਆਂ ਸਨ।

ਬੁੱਢੇ ਨੇ ਪਿਛਲੇ ਸੱਤ ਦਿਨਾਂ ਤੋਂ ਸ਼ਰਾਬ ਨਹੀਂ ਸੀ ਪੀਤੀ। ਉਹ ਦਸ—ਪੰਦਰਾਂ ਦਿਨਾਂ ਵਿੱਚ ਕਦੇ ਇੱਕ ਵਾਰੀ ਆਪਣੇ ਪਿੰਡ ਜਾਂਦਾ ਸੀ। ਉਹ ਜਦ ਵੀ ਜਾਂਦਾ, ਆਪਣੇ ਨਾਲ ਸ਼ਰਾਬ ਲੈ ਆਉਂਦਾ। ਬਾਕੀ ਤਾਂ ਉਸ ਵਾਸਤੇ ਬਰਫ਼ ਦੀਆਂ ਡਲੀਆਂ ਹੀ ਪੀਣ ਲਈ ਹੁੰਦੀਆਂ ਸਨ। ਇਹੀ ਸੀ ਉਸ ਦੀ ਸ਼ਰਾਬ ਤੇ ਇਹੀ ਜਿਊਂਦੇ ਰਹਿਣ ਲਈ ਪਾਣੀ।

ਐਨੇ ਠੰਡੇ ਪਾਣੀ ਵਿੱਚ ਕਿਸੇ ਛੋਟੀ—ਵੱਡੀ ਮੱਛੀ ਦੇ ਹੋਣ ਬਾਰੇ ਵੀ ਸੋਚਿਆ ਨਹੀਂ ਜਾ ਸਕਦਾ ਸੀ। ਪਰ ਹਾਂ! ਸਿਰਫ਼ ਗਰਮੀ ਵਾਲੇ 15—20 ਦਿਨਾਂ ਵਿੱਚ ਜਦ ਪਾਣੀ ਪੂਰਾ ਪਿਘਲਿਆ ਹੋਵੇ ਤਾਂ ਭਾਵੇਂ ਕੋਈ ਛੋਟੀ ਮੱਛੀ ਹੜ੍ਹਦੀ ਦਿਖ ਪਵੇ। ਇੱਥੇ ਮੱਛੀ ਨੂੰ ਫੜਨਾ ਵੀ ਕੋਈ ਆਸਾਨ ਨਹੀਂ ਸੀ। ਇਸ ਵਿੱਚ ਵਹਿਣ ਵਾਲੀ ਮੱਛੀ ਜਿੰਨੀ ਚਲਾਕ ਹੁੰਦੀ ਹੋਵੇਗੀ ਬੁੱਢਾ ਵੀ ਉਨਾਂ ਹੀ ਚਲਾਕ ਸੀ। ਕਦੇ—ਕਦੇ ਬੁੱਢਾ ਉਸਨੂੰ ਕਾਬੂ ਕਰ ਹੀ ਲੈਂਦਾ ਸੀ। ਫੇਰ ਇਹ ਰਾਤ ਉਸਦੇ ਲਈ ਜ਼ਸ਼ਨਾਂ ਦੀ ਰਾਤ ਹੁੰਦੀ ਸੀ।

ਬੁੱਢੇ ਨੂੰ ਕੋਈ ਆਦਮਜਾਤ ਦੇਖਿਆਂ ਵੀ ਕਈ ਵਾਰ ਦੋ—ਦੋ ਦਿਨ ਬੀਤ ਜਾਂਦੇ, ਇੱਥੇ ਆਉਂਦਾ ਵੀ ਕੌਣ ਸੀ। ਕਦੇ ਕੋਈ ਭਟਕਦਾ ਹੋਇਆ ਪਸ਼ੂਆਂ ਨੂੰ ਚਾਰਦਾ ਚਰਵਾਹਾ, ਕਦੇ—ਕਦੇ ਮੁਰਗਾਬੀਆਂ ਦਾ ਸ਼ਿਕਾਰ ਕਰਕੇ ਰੋਜ਼ੀ—ਰੋਟੀ ਕਮਾਉਣ ਵਾਲੇ ਜਾਂ ਫੇਰ ਕਦੇ ਕੋਈ ਖੁਰਾਫਾਤੀ ਸ਼ਰਾਰਤੀ ਬੱਚੇ। ਸਾਲ ਵਿੱਚ ਕਦੇ ਇੱਕ—ਦੋ ਵਾਰ ਪਾਣੀ ਦੀਆਂ ਖੇਡਾਂ ਖੇਡਣ ਵਾਲੇ ਦੋ—ਚਾਰ ਜਵਾਨ ਵੀ ਆਪਣੀਆਂ ਕਿਸ਼ਤੀਆਂ ਲੈ ਕੇ ਅਭਿਆਸ ਕਰਨ ਆ ਨਿਕਲਦੇ। ਇਨ੍ਹਾਂ ਦੇ ਆਉਣ ਤੇ ਬੁੱਢੇ ਨੂੰ ਕੁਝ ਖਾਣ—ਪੀਣ ਲਈ ਮਿਲ ਜਾਂਦਾ ਸੀ।

ਜਦ ਕਦੇ ਕੋਈ ਜਵਾਨ ਕਿਸੇ ਔਰਤ ਨੂੰ ਆਪਣੇ ਨਾਲ ਲੈ ਆਉਂਦਾ ਤਾਂ ਬੁੱਢੇ ਨੂੰ ਪਿੱਠ ਫੇਰ ਕੇ ਆਪਣੀ ਕੋਠੜੀ ਖੋਲ੍ਹਣੀ ਪੈ ਜਾਂਦੀ। ਬੁੱਢੇ ਦੀ ਜ਼ੇਬ ਵਿੱਚ ਦੋ ਪੈਸੇ ਵੀ ਆ ਜਾਂਦੇ ਤਾਂ ਉਸਦੇ ਦਿਨ ਗੁਲਜ਼ਾਰ ਹੋ ਜਾਂਦੇ। ਫੇਰ ਤਾਂ ਬਜ਼ੁਰਗ ਬੀੜੀ ਛੱਡ ਸਫੇਦ ਖੁਸ਼ਬੂਦਾਰ ਸਿਗਰਟਾਂ ਦਾ ਵੀ ਮਜ਼ਾ ਲੈ ਲੈਂਦਾ। ਪਰ ਅਜਿਹੀ ਅਯਾਸ਼ੀ ਵਾਲੇ ਦਿਨ ਸਾਲ ਵਿੱਚ ਕੁਝ ਕੁ ਹੁੰਦੇ ਸਨ, ਉਂਗਲਾਂ ਤੇ ਗਿਣੇ ਜਾਣ ਵਾਲੇ। ਬੁੱਢੇ ਦੀ ਨਿਗਾਹ ਵਾਰ—ਵਾਰ ਮੁੰਡੇ ਦੇ ਹੱਥ ਵਿੱਚ ਫੜੀ ਬੋਤਲ ਵੱਲ ਜਾ ਰਹੀ ਸੀ ਤੇ ਬੋਤਲ ਨੂੰ ਹਾਲੇ ਅੱਧੀ ਭਰੀ ਦੇਖ ਕੇ ਉਹ ਜਲਦੀ—ਜਲਦੀ ਅੰਦਰ

ਸੁੱਟਣ ਦੀ ਕਰਦਾ। ਬੁੱਢੇ ਨੂੰ ਇਹ ਲੜਕਾ ਬੜਾ ਚੰਗਾ ਲੱਗਦਾ ਕਿਉਂਕਿ ਬੋਤਲ ਹੱਥ ਵਿੱਚ ਫੜੇ ਰਹਿਣ ਤੇ ਵੀ ਉਹ ਆਪ ਜੋ ਨਹੀਂ ਸੀ ਪੀ ਰਿਹਾ। ਵਰਣਾ ਜਵਾਨ ਲੜਕੇ ਤਾਂ ਦੂਸਰੇ ਦੇ ਪਿਆਲੇ ਵਿੱਚ ਘੱਟ ਪਾ ਕੇ ਆਪ ਜ਼ਿਆਦਾ ਛੱਕ ਜਾਂਦੇ ਨੇ। ਇਹ ਲੜਕਾ ਤਾਂ ਜਿਵੇਂ ਸਿਰਫ਼ ਉਸੇ ਨੂੰ ਪਿਲਾਉਣ ਖ਼ਾਤਿਰ ਸੀ।

ਬੁੱਢੇ ਨੇ ਆਪਣੇ ਓਵਰਕੋਟ ਦੀ ਜ਼ੇਬ ਟਟੋਲ ਕੇ ਕਮਰੇ ਦੀ ਚਾਬੀ ਟੋਹ ਕੇ ਦੇਖ ਲਈ ਸੀ। ਐਨੀਂ ਸ਼ਰਾਬ ਪੀਣ ਮਗਰੋਂ ਉਹ ਜਾਣਦਾ ਸੀ ਕਿ ਉਸਨੂੰ ਜੀ ਭਰ ਕੇ ਸ਼ਰਾਬ ਪਿਲਾਉਣ ਵਾਲਾ ਲੜਕਾ ਕਮਰੇ ਦੀ ਚਾਬੀ ਜ਼ਰੂਰ ਮੰਗੇਗਾ। ਲੜਕੀ ਦੀ ਵੱਧਦੀ ਬੇਸਬਰੀ ਨੂੰ ਉਸਨੇ ਤਾੜ ਲਿਆ ਸੀ। ਹੁਣੇ ਹੁਣੇ ਲੜਕੀ ਆਪਣੀ ਜੀਨਸ ਨੂੰ ਖੋਲ੍ਹ ਕੇ ਸਾਹਮਣੇ ਹੀ ਪਿਸ਼ਾਬ ਕਰਨ ਲਈ ਬੈਠ ਰਹੀ ਸੀ। ਬੁੱਢੇ ਨੇ ਬੜੀ ਮੁਸ਼ਕਲ ਨਾਲ ਉਸਨੂੰ ਰੋਕ ਕੇ ਇਸ਼ਾਰਾ ਕੀਤਾ ਤਾਂ ਉਹ ਲੜਕੀ ਆਪਣੀ ਖੁੱਲੀ ਜਿੱਪ ਨਾਲ ਖਿਲਵਾੜ ਕਰਦੀ ਜਰਾ ਅੱਗੇ ਜਾ ਕੇ ਬੁੱਢੇ ਦੀ ਕੋਠੜੀ ਦੀ ਆੜ ਵਿੱਚ ਜਾ ਬੈਠੀ।

ਲੜਕਾ ਹਾਲੇ ਵੀ ਖੜ੍ਹਾ ਉਸਨੂੰ ਸ਼ਰਾਬ ਪਿਲਾ ਰਿਹਾ ਸੀ।

ਇਹ ਲੋਗ ਜਿਸ ਘਨੇ ਤੇ ਸੁੰਨਸਾਨ ਜੰਗਲ ਨੂੰ ਬੁੱਢੇ ਦੀ ਆਰਾਮਗਾਹ

ਸਮਝਦੇ ਸਨ, ਅਸਲ ਵਿੱਚ ਇਹ ਨਾਲ ਲੱਗਦੇ ਦੇਸ਼ ਦੀ ਸਰਹੱਦ ਸੀ। ਇਸ ਘੱਟ ਚੌੜੀ ਨਦੀ ਦੇ ਪਾਰ ਮੁਲਕ ਦੂਸਰਾ ਸੀ। ਇਸ ਬੇਹੱਦ ਡੂੰਗੀ ਨਦੀ ਨੂੰ ਕਿਸੇ ਤਰਾਂ ਪਾਰ ਕਰਕੇ ਉਸ ਪਾਰ ਜਾਇਆ ਵੀ ਜਾ ਸਕਦਾ ਸੀ। ਉੱਥੋਂ ਕੁਝ ਕਿਲੋਮੀਟਰਾਂ ਦੀ ਦੂਰੀ ਤੇ ਫਾਰੈਸਟ ਵਾਲਿਆਂ ਦੀ ਹੈਲੀਕੌਪਟਰ ਸੇਵਾ ਸੀ। ਇੱਥੇ ਦਿਨ ਵਿਚ ਦੋ—ਤਿੰਨ ਵਾਰ ਹੈਲੀਕੌਪਟਰ ਦਾ ਚੱਕਰ ਲੱਗਦਾ ਸੀ। ਟਿਕਟ ਲੈ ਕੇ ਇਸ ਵਿੱਚ ਮੁਸਾਫਿਰ ਵੀ ਬੈਠ ਸਕਦੇ ਸਨ, ਪਰ ਜੇਕਰ ਉਨ੍ਹਾਂ ਕੋਲ ਉਸ ਦੇਸ਼ ਦਾ ਵੀਜ਼ਾ ਹੋਵੇ। ਬੁੱਢੇ ਦੀ ਨੀਮ ਬੇਹੋਸ਼ੀ ਵਿੱਚ, ਬਿਨਾਂ ਉਸਨੂੰ ਆਪਣੇ ਸੀਮਾਂ ਪਾਰ ਕਰ ਜਾਣ ਦਾ ਚਸ਼ਮਦੀਦ ਗਵਾਹ ਬਣਾਇਆਂ, ਉਹ ਲੜਕੀ ਤੇ ਨੋਜ਼ਵਾਨ ਸਵੇਰ ਦੀ ਧੁੱਪ ਵਿੱਚ ਪਾਰ ਜਾ ਨਿਕਲੇ। ਉਨ੍ਹਾਂ ਨੇ ਇਹ ਡੂੰਗੀ ਨਦੀ ਕਿਵੇਂ ਪਾਰ ਕਰ ਲਈ, ਬੁੱਢੇ ਨੂੰ ਪਤਾ ਨਾ ਲੱਗਾ। ਜਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਮਤਾ ਪਕਾਇਆ ਹੋਵੇ ਤੇ ਕਿਸੇ ਮਛਵਾਰੇ ਦੀ ਸਹਾਇਤਾ ਲੈ ਕੇ ਨਦੀ ਪਾਰ ਕੀਤੀ ਹੋਵੇਗੀ। ਅਜਿਹਾ ਪਹਿਲਾਂ ਕਦੇ ਨਹੀਂ ਸੀ ਵਾਪਰਿਆ ਕਿ ਬੁੱਢੇ ਦੀ ਜਾਣਕਾਰੀ ਤੋਂ ਬਿਨਾਂ ਕੋਈ ਸਰਹੱਦ ਪਾਰ ਕਰ ਜਾਵੇ। ਉਹ ਇਸਦੇ ਖ਼ਤਰਿਆਂ ਤੋਂ ਵਾਕਫ਼ ਸੀ। ਪਰ ਜੇਕਰ ਖ਼ਤਰੇ ਵੇਲੇ ਜ਼ੋਰਦਾਰ ਨੀਂਦ ਲੱਗ ਜਾਵੇ ਤਾਂ ਖ਼ਤਰਾ ਘੱਟ ਵੀ ਜਾਂਦਾ ਸੀ। ਕਿਰਗੀਸਤਾਨ ਵਿੱਚ ਦਾਖਲ ਹੋ ਕੇ ਜਵਾਨ ਮੁੰਡਾ ਤੇ ਉਹ ਲੜਕੀ ਆਸਾਨੀ ਨਾਲ ਨਿਕਲ ਗਏ। ਕੁਝ ਦੇਰ ਮਗਰੋਂ ਹੀ ਉਨ੍ਹਾਂ ਨੂੰ ਫਾਰੈਸਟ ਰੇਂਜ ਵਾਲਿਆਂ ਦਾ ਹੈਲੀਕੌਪਟਰ ਵੀ ਪ੍ਰਾਪਤ ਹੋ ਗਿਆ। ਫਿਲਮ “ਸਿੰਗਿੰਗ ਸੀ” ਦੀ ਭਾਰੀ ਯੂਨਿਟ ਪਿਛਲੇ ਦੋ—ਤਿੰਨ ਦਿਨਾਂ ਤੋਂ ਇਸ ਪਥਰੀਲੇ ਪਹਾੜ ਤੇ ਡੇਰਾ ਪਾਈ ਬੈਠੀ ਸੀ। ਸ਼ੂਟਿੰਗ ਪੂਰੇ ਜ਼ੋਰਾਂ ਨਾਲ ਚੱਲ ਰਹੀ ਸੀ। ਪਰ ਫਿਲਮ ਦੇ ਇੱਕ ਸਹਾਇਕ ਡਾਇਰੈਕਟਰ ਨੂੰ ਮੋਬਾਇਲ ਤੇ ਦੱਸਿਆ ਗਿਆ ਕਿ ਉਸਦੀ ਯੂਨਿਟ ਦੀ ਇੱਕ ਲੜਕੀ ਸੈਲੀਨਾ ਨੰਦਾ ਹੋਟਲ ਤੋਂ ਚੈਕ ਆਊਟ ਕਰ ਗਈ ਹੈ। ਉਸਨੂੰ ਬੜੀ ਹੈਰਾਨੀ ਹੋਈ ਸੀ। ਉਹ ਪਰੇਸ਼ਾਨ ਹੋ ਕੇ ਇੱਧਰ—ਉੱਧਰ ਲੱਭਦਾ ਹੋਇਆ ਕੋਲ ਖੜ੍ਹੀ ਆਪਣੀ ਗੱਡੀ ਦੇ ਕਰੀਬ ਜਾ ਕੇ ਕੁਝ ਸੋਚਣ ਲੱਗਾ ਕਿ ਬੇਸ਼ਕ ਸੈਲੀਨਾ ਨੇ

ਸਾਰੇ ਪੇਮੈਂਟ ਕਰ ਦਿੱਤੇ ਸੀ, ਪਰ ਉਹ ਗਈ ਕਦੋਂ, ਕਿੱਥੇ ਗਈ, ਕਿਉਂ ਗਈ, ਕਿਸੇ ਨੂੰ ਕੋਈ ਖ਼ਬਰ ਨਹੀਂ ਸੀ।

ਟ੍ਰੇਡ ਪੇਪਰਜ਼ ਦੇ ਜ਼ਰੀਏ ਇਹ ਖ਼ਬਰ ਮੀਡੀਆ ਵਿੱਚ ਵੀ ਲੀਕ ਹੋ ਗਈ ਕਿ ਫਿਲਮ “ਸਿੰਗਿੰਗ ਸੀ” ’ਚੋਂ ਸੈਲੀਨਾ ਨੰਦਾ ਨੂੰ ਕੱਢ ਦਿੱਤਾ ਗਿਆ ਹੈ। ਕੁਝ ਕੁ ਦੇਸ਼ਾਂ ਵਿੱਚ ਖ਼ਬਰ ਇਸ ਤਰਾਂ ਪਹੁੰਚੀ ਕਿ ਸੈਲੀਨਾ ਨੇ ਹੀ ਇਸ ਫਿਲਮ ਨੂੰ ਛੱਡ ਦਿੱਤਾ ਹੈ। ਇਸ ਦੇ ਕਾਰਨਾਂ ਦੇ ਕਿਆਫ਼ੇ ਲਾਏ ਜਾਣ ਲੱਗੇ। ਲੋਕਾਂ ਦਾ ਵਿਚਾਰ ਸੀ ਕਿ ਐਡੀ ਵੱਡੀ ਫਿਲਮ ਛੱਡਣ ਦਾ ਕੋਈ ਅਭਿਨੇਤ੍ਰੀ ਇਕ ਦਮ ਫੈਸਲਾ ਕਿਵੇਂ ਲੈ

ਸਕਦੀ ਹੈ? ਹੋ ਸਕਦਾ ਹੈ, ਕਿ ਉਸਨੂੰ ਕੱਢ ਦਿੱਤਾ ਹੋਵੇਗਾ। ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ। ਇਸ ਨਾਲ ਸੈਲੀਨਾ ਨੰਦਾ ਇੱਕ ਵਾਰ ਫੇਰ ਦੁਨੀਆਂ ਭਰ ਦੇ ਅਖ਼ਬਾਰਾਂ ਤੇ ਚੈਨਲਾਂ ਤੇ ਛਾ ਗਈ।

ਇਸ ਤਰ੍ਹਾਂ ਦੀਆਂ ਖ਼ਬਰਾਂ ਪੜ੍ਹ ਕੇ ਕਿਸੇ ਹੋਰ ਨੂੰ ਚੰਗਾ ਲੱਗਾ ਜਾਂ ਨਹੀਂ ਪਰ ਬੈਰੂਤ ਵਿੱਚ ਜੌਹਨ ਅਲਤਮਸ਼ ਦੀਆਂ ਤਾਂ ਬਾਛਾਂ ਖਿੱਲ ਗਈਆਂ ਸਨ। ਉਹ ਜਿਸ ਸਟਾਰ ਤੇ ਪੈਸਾ ਅਤੇ ਸਮਾਂ ਲੁਟਾ ਰਿਹਾ ਸੀ, ਉਹ ਵਾਰ—ਵਾਰ ਸੰਸਾਰ ਦੇ ਮੀਡੀਆ ਦੀਆਂ ਸੁਰਖੀਆਂ ਬਣਦਾ ਰਹੇ, ਉਸਦੇ ਲਈ ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਸੀ। ਲੇਬਨਾਨ ਦੀ ਨੈਸ਼ਨਲ ਨਿਊਜ਼ ਵਿੱਚ ਵੀ ਇਹ ਖ਼ਬਰ ਛੱਪ ਚੁੱਕੀ

ਸੀ ਕਿ ਸੈਲੀਨਾ ਨੰਦਾ ਨੇ ਬੜੇ ਬਜ਼ਟ ਅਤੇ ਸਟਾਰਕਾਸਟ ਦੀ ਫਿਲਮ “ਸਿੰਗਿੰਗ

ਸੀ” ਛੱਡ ਦਿੱਤੀ ਹੈ। ਇਸ ਦਾ ਕਾਰਣ ਇਹੀ ਸੀ ਕਿ ਜੌਹਨ ਅਲਤਮਸ਼ ਪਿਛਲੇ ਕੁੱਝ ਘੰਟਿਆਂ ਤੋਂ ਬੈਰੂਤ ਵਿੱਚ ਹੀ ਸੀ ਅਤੇ ਲੈਬਨਾਨ ਵਿੱਚ ਪ੍ਰੈਸ ਕਾਨਫਰੰਸ ਕਰਨ ਉਪਰੰਤ ਉਹ ਉੱਥੇ ਦੇ ਲੋਕਾਂ ਨੂੰ ਵੱਡੀਆਂ—ਵੱਡੀਆਂ ਪਾਰਟੀਆਂ ਦੇਣ ਵਿੱਚ ਮਸ਼ਗੂਲ ਸੀ। ਸੈਲੀਨਾ ਦਾ ਮਾਨ ਵਧਾਉਣ ਵਾਲੀ ਇਹ ਖ਼ਬਰ ਇਸੇ ਨੇ ਲਗਵਾਈ ਸੀ।

ਰਾਤ ਦੇ ਦੋ ਵਜੇ ਉਸਦੀ ਆਲੀਸ਼ਾਨ ਕਾਰ ਜਦੋਂ ਸੈਲੀਨਾ ਨੰਦਾ ਨੂੰ ਲੈ ਕੇ ਆਈ ਤਾਂ ਸੈਲੀਨਾ ਇਹ ਦੇਖ ਕੇ ਜ਼ਰਾ ਨਾਰਾਜ਼ ਹੋਈ ਕਿ ਉਸਦੇ ਲਈ ਹੋਟਲ ਵਿੱਚ ਵੱਖਰਾ ਕਮਰਾ ਬੁੱਕ ਕਿਉਂ ਨਹੀਂ ਕਰਵਾਇਆ ਗਿਆ। ਜੌਹਨ ਨੇ ਉਸਦੇ ਠਹਿਰਣ ਦੀ ਵਿਵਸਥਾ ਆਪਣੇ ਸੁਈਟ ਵਿੱਚ ਹੀ ਕੀਤੀ ਸੀ। ਉਸਨੂੰ ਕੁਝ ਅਜ਼ੀਬ ਜਿਹਾ ਜ਼ਰੂਰ ਲੱਗਾ ਪਰ ਚਿਹਰੇ ਤੇ ਕੋਈ ਸ਼ਿਕਨ ਆਏ ਬਿਨਾ ਉਹ ਅਲਤਮਸ਼ ਦੇ ਡਿਨਰ ਵਿੱਚ ਸ਼ਾਮਿਲ ਹੋ ਗਈ।

ਸੈਲੀਨਾ ਦੇ ਨਾਲ ਆਏ ਲੜਕੇ ਦੀ ਜਾਣ—ਪਛਾਣ ਅਲਤਮਸ਼ ਨਾਲ ਹੋਈ ਤਾਂ ਉਸਨੇ ਕੋਈ ਧਿਆਨ ਨਾ ਦਿੱਤਾ। ਪਰ ਉਦੋਂ ਜ਼ਰੂਰ ਹੈਰਾਨ ਹੋਇਆ, ਜਦ

ਸੈਲੀਨਾ ਨੇ ਇੱਕ ਅਜ਼ੀਬੋ—ਗਰੀਬ ਸ਼ਰਤ ਰੱਖ ਦਿੱਤੀ।

ਸੈਲੀਨਾ ਨੇ ਜੌਨ ਅਲਤਮਸ਼ ਨੂੰ ਉਸ ਰਾਤ ਜੌਹਨ ਦੇ ਕਮਰੇ ਵਿੱਚ ਹੀ ਉਸਦੇ ਨਾਲ ਠਹਿਰਣ ਲਈ ਹਾਮੀ ਤਾਂ ਜ਼ਰੂਰ ਭਰ ਦਿੱਤੀ, ਪਰ ਨਾਲ ਇਹ ਵੀ ਕਹਿ ਦਿੱਤਾ ਕਿ ਇਹ ਨੌਜਵਾਨ ਵੀ ਉਨ੍ਹਾਂ ਦੋਹਾਂ ਦੇ ਨਾਲ ਹੀ ਉਸ ਕਮਰੇ ਵਿੱਚ ਠਹਿਰੇਗਾ।

ਹੈਰਾਨ ਹੋਏ ਚੇਹਰੇ ਨਾਲ ਅਲਤਮਸ਼ ਸਭ ਦੇਖਦਾ—ਸੁਣਦਾ ਰਿਹਾ। ਇਕ ਸੋਹਣੇ ਤੇ ਆਲੀਸ਼ਾਨ ਹੋਟਲ ਦੇ ਸ਼ਾਹੀ ਬਿਸਤਰ ਤੇ ਉਨ੍ਹਾਂ ਤਿੰਨਾਂ ਨੇ

ਇਕੱਠਿਆਂ ਰਾਤ ਕਿਵੇਂ ਬਿਤਾਈ, ਇਹ ਸੋਚਣ ਦਾ ਸਮਾਂ ਕਿਸਦੇ ਪਾਸ ਸੀ। ਅਲਤਮਸ਼ ਤਾਂ ਕੁਝ ਸੋਚਣਾ ਹੀ ਨਹੀਂ ਸੀ ਚਾਹੁੰਦਾ ਤੇ ਨਾ ਹੀ ਉਸ ਵਿੱਚ ਅਜਿਹੀ ਤਾਕਤ ਹੀ ਸੀ। ਪਰ ਇਹ ਜ਼ਰੂਰ ਕਿ ਅੱਗਲੀ ਸਵੇਰ ਸੱਭ ਤਾਜ਼ਗੀ ਮਹਿਸੂਸ ਕਰ ਰਹੇ ਸਨ। ਭਾਵੇਂ ਕਿ ਸਾਰੇ ਸ਼ਹਿਰ ਦੇ ਲਈ ਇਹ ਸਵੇਰ ਬੇਹਦ ਖੁਸ਼ਨੁਮਾ ਸੀ।

ਸੈਲੀਨਾ ਤੇ ਉਹ ਨੋਜਵਾਨ ਨੇੜੇ ਦੇ ਇੱਕ ਹੋਟਲ ਵਿੱਚ ਚਲੇ ਗਏ, ਜਿੱਥੇ ਕਿ ਉਨ੍ਹਾਂ ਨੂੰ ਸੈਲੀਨਾ ਦੇ ਸਟਾਫ਼ ਦੇ ਆ ਪਹੁੰਚਣ ਦਾ ਸੁਨੇਹਾ ਵੀ ਮਿਲ ਚੁੱਕਾ ਸੀ। ਬੈਰੂਤ ਸ਼ਹਿਰ ਦਾ ਇਹ ਹਿੱਸਾ ਗਹਿਮਾ—ਗਹਿਮੀ ਤੋਂ ਦੂਰ ਬੇਸ਼ਕ ਸੀ ਪਰ ਇਸਦੀ ਆਪਣੀ ਚਮਕ—ਦਮਕ ਅਤੇ ਚਹਿਲ—ਪਹਿਲ ਵਿੱਚ ਕੋਈ ਕਮੀ ਨਹੀਂ ਸੀ। ਇੱਥੇ ਦੇ ਕੁਦਰਤੀ ਨਜ਼ਾਰੇ ਮਨ ਮੋਹ ਲੈਂਦੇ ਸਨ। ਜੌਹਨ ਨੇ ਸੈਲੀਨਾ ਦੇ ਰਹਿਣ ਦਾ ਪ੍ਰਬੰਧ ਇੱਥੇ ਹੀ ਕੀਤਾ ਹੋਇਆ ਸੀ।

ਕੁਦਰਤ ਦੀ ਗੋਦ ਵਿੱਚ ਵਸਿਆ ਇਹ ਇਲਾਕਾ ਬੇਹੱਦ ਮਨੋਹਾਰੀ ਸੀ, ਜਿਸ ਕਰਕੇ ਅਲਤਮਸ਼ ਅਤੇ ਸੈਲੀਨਾ ਨੇ ਇਹ ਜਗ੍ਹਾ ਚੁਣੀ ਸੀ। ਦਿਲ ਨੂੰ ਟੂੰਬਣ ਵਾਲੇ ਪਾਣੀ ਦੇ ਉਥਲੇ ਵਹਾਓ ਵਿੱਚ ਕੀਮਤੀ ਤੇ ਕੁਦਰਤੀ ਗੋਲ—ਗੋਲ ਪੱਥਰਾਂ ਦਾ ਬੇਤਰਤੀਬ ਜਮਾਓ ਇਸ ਜਗ੍ਹਾ ਨੂੰ ਆਲੌਕਿਕ ਸੁੰਦਰਤਾ ਬਖਸ਼ ਰਿਹਾ ਸੀ। ਲੱਗਦਾ ਕਿ ਜਿਸਨੂੰ ਕਿਸੇ ਕਲਾਤਮਿਕ ਦਿਮਾਗ ਵਾਲੇ ਵਪਾਰੀ ਕੁਬੇਰ ਨੇ ਇਸ ਆਲੀਸ਼ਾਨ ਹੋਟਲ ਦੇ ਵਿਹੜੇ ਨਾਲ ਜੋੜਕੇ ਸੋਨਾ ਵਰਸਾਉਣ ਵਾਲੇ ਇੱਕ ਖੁੱਲ੍ਹੇ ਜੰਗਲ ਦਾ ਰੂਪ ਦੇ ਦਿੱਤਾ ਹੈ। ਬੇਸ਼ਕ ਇੱਥੇ ਗਿਣੇ—ਚੁਣੇ ਲੋਕੀ ਹੀ ਸਨ ਪਰ ਇਹ ਸਾਰਾ ਨਜ਼ਾਰਾ ਖੁਲ੍ਹ ਕੇ ਜਗਮਗਾ ਰਿਹਾ ਸੀ ਜਿਵੇਂ ਕਿ ਕੁਦਰਤ ਦਾ ਤਮਾਮ ਇੰਦਰਲੋਕ ਇਸੇ ਧਰਤੀ ਤੇ ਉੱਤਰ ਆਇਆ ਹੈ।

ਅਲਤਮਸ਼ ਦੀ ਆਪਣੀ ਯੂਨਿਟ ਨੇ ਉੱਥੇ ਚਹਿਲ—ਪਹਿਲ ਵਾਲਾ ਇੱਕ ਛੋਟਾ ਨਗਰ ਵਸਾਅ ਰੱਖਿਆ ਸੀ। ਪਰ ਫੇਰ ਵੀ ਇਸ ਖੁਸ਼ਨੁਮਾ ਸਵੇਰ ਦੀ ਸ਼ਾਮ ਬੜੀ ਬੇਰੰਗ ਰਹੀ ਸੀ। ਰਾਤ ਨੂੰ ਜਦ ਹੋਟਲ ਦੀ ਗੱਡੀ ਸੈਲੀਨਾ ਨੂੰ ਜੌਹਨ ਅਲਤਮਸ਼ ਦੇ ਸੁਈਟ ਦੇ ਨਜ਼ੀਦਕ ਛੱਡ ਕੇ ਗਈ, ਤਾਂ ਦੋਹਾਂ ਦਾ ਮੂੜ ਹੀ ਉਖੜਿਆ—ਉਖੜਿਆ ਸੀ। ਅਲਤਮਸ਼ ਦਾ ਤਾਂ ਚੇਹਰਾ ਵੀ ਉਤਰਿਆ ਹੋਇਆ ਲਗਦਾ ਸੀ। ਉਧਰ ਸੈਲੀਨਾ ਵੀ ਕੁਝ ਚਿੜਚਿੜੀ ਲੱਗ ਰਹੀ ਸੀ। ਉਹ ਜੌਨ ਦੀ ਕਿਸੇ ਵੀ ਗੱਲ ਦਾ ਜਵਾਬ ਸਿੱਧੇ ਮੂੰਹ ਨਹੀਂ ਸੀ ਦੇ ਰਹੀ। ਇਸ ਵੇਲੇ ਤਾਂ ਉਹ ਲੜਕਾ ਵੀ ਸੈਲੀਨਾ ਦੇ ਨਾਲ ਨਹੀਂ ਸੀ, ਸਗੋਂ ਹੋਟਲ ’ਚ ਸਟਾਫ਼ ਦੇ ਦੂਜੇ ਲੋਕਾਂ ਨਾਲ ਹੀ ਸੀ। ਸੈਲੀਨਾ ਨੇ ਖਾਣਾ ਖਾਣ ਤੋਂ ਮਨ੍ਹਾਂ ਕਰ ਦਿੱਤਾ ਤੇ ਅਲਤਮਸ਼ ਨੇ ਵੀ ਉਸ ਨਾਲ ਖਾਣਾ ਖਾਣ ਦੀ ਸੁਲਾਹ ਨਾ ਮਾਰੀ।

ਸ਼ਾਇਦ ਅਲਤਮਸ਼ ਦੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਕਿ ਜਦ ਉਸਨੇ ਸ਼ਾਮ ਵੇਲੇ ਸ਼ਰਾਬ ਨਹੀਂ ਸੀ ਪੀਤੀ। ਦੋਹਾਂ ਵਿੱਚ ਕੋਈ ਗੱਲਬਾਤ ਵੀ ਨਹੀਂ ਸੀ ਹੋ ਰਹੀ। ਸੈਲੀਨਾ ਨੇ ਆਪਣੇ ਸਿਰ ਦਰਦ ਲਈ ਜੋ ਗੋਲੀ—ਬੱਟੀ ਲਈ, ਉਹ ਵੀ ਆਪ ਖੁਦ ਆਪਣੇ ਪਰਸ ਵਿੱਚੋਂ ਕੱਢ ਕੇ ਲਿਆਈ ਸੀ। ਅਲਤਮਸ਼ ਨੇ ਨਾ ਤਾਂ ਉਸਦਾ ਹਾਲ ਹੀ ਪੁੱਛਿਆ ਸੀ ਤੇ ਨਾ ਕੋਈ ਦਵਾਈ ਮੰਗਵਾਉਣ ਦੀ ਪੇਸ਼ਕਸ਼ ਕੀਤੀ।

ਉਸ ਰਾਤ ਅਲਤਮਸ਼ ਅਤੇ ਸੈਲੀਨਾ ਇੱਕੋ ਕਮਰੇ ਵਿੱਚ ਇਕੱਠੇ ਹੀ ਪਏ ਸਨ, ਉਹ ਵੀ ਇੱਕੋ ਬੈਡ ਤੇ, ਪਰ ਅੱਜ ਗੰਗਾ ਉਲਟੀ ਵੈਹਿ ਰਹੀ ਸੀ। ਸੈਲੀਨਾ ਅੰਦਰੋਂ ਚਾਹੁੰਦੀ ਸੀ ਕਿ ਅਲਤਮਸ਼ ਉਸਦਾ ਹਾਲ ਤਾਂ ਪੁੱਛੇ, ਉਸਨੂੰ ਤਸੱਲੀ ਦੇਵੇ, ਪਰ ਅਲਤਮਸ਼ ਸੀ ਕਿ ਆਪਣੇ—ਆਪ ਵਿੱਚ ਮਸਤ ਸੀ। ਇੱਕੋ ਕਮਰੇ ਵਿੱਚ ਨਾਲ—ਨਾਲ ਪਏ ਹੋਏ ਵੀ ਦੋਵੇਂ ਅਜ਼ਨਬੀਆਂ ਵਾਂਗ ਰਹੇ। ਸ਼ਾਇਦ ਹੁਣ ਨਸ਼ੇ ਵਿੱਚ ਟੱਲੀ ਵੀ ਸਨ।

ਰਾਤ ਤਾਂ ਬੀਤਨੀ ਹੀ ਸੀ, ਸੋ ਬੀਤ ਗਈ, ਬੇਹੱਦ ਨੀਰਸ, ਉਕਾਊ ਤੇ ਥੱਕੀ—ਥੱਕੀ ਜਿਹੀ।

ਅਲਤਮਸ਼ ਸਵੇਰੇ ਜ਼ਲਦੀ ਉੱਠ ਕੇ ਹੋਟਲ ’ਚੋਂ ਨਿਕਲ ਕੇ ਨੇੜੇ ਦੇ ਜੰਗਲਾਂ ਵਿੱਚ ਸੈਰ ਕਰਨ ਚਲਾ ਗਿਆ। ਸੈਲੀਨਾ ਦੇ ਕਮਰੇ ਤੋਂ ਵੀ ਦੁਪਹਿਰ ਤੱਕ ਕੋਈ ਹਲਚਲ ਹੁੰਦੀ ਸੁਣਾਈ ਨਾ ਦਿੱਤੀ। ਹੋ ਸਕਦਾ ਹੈ ਕਿ ਦੇਰ ਤੱਕ ਸੁੱਤੀ ਰਹੀ ਹੋਵੇਗੀ। ਹੋਟਲ ਦਾ ਕੋਈ ਚੁਸਤ ਤੋਂ ਚੁਸਤ ਕਰਮਚਾਰੀ ਵੀ ਨਹੀਂ ਸੀ ਜਾਣਦਾ ਕਿ ਜਿਹੜਾ ਮਹਿਮਾਨ ਸਾਰੀ ਰਾਤ ਨਾ ਸੁੱਤਾ ਹੋਵੇ ਉਸਨੂੰ ਕਿਵੇਂ ਜਗਾਇਆ ਜਾਵੇ।

ਇਸ ਦੂਸਰੀ ਰਾਤ ਹੋਟਲ ਦੇ ਬਾਹਰ ਬੜਾ ਜ਼ਬਰਦਸਤ ਹੰਗਾਮਾ ਹੋ ਗਿਆ। ਸੈਲੀਨਾ ਦੇ ਨਾਲ ਜੇਕਰ ਉਹ ਸੰਜੀਦਾ ਨੌਜਵਾਨ ਨਾ ਹੁੰਦਾ ਤਾਂ ਉੱਥੇ ਮਾਰ—ਕੁਟਾਈ ਵੀ ਹੋ ਜਾਣੀ ਸੀ। ਸੈਲੀਨਾ ਉਸ ਜੌਹਨ ਅਲਤਮਸ਼ ਦਾ ਮੂੰਹ ਆਪਣੇ ਨਹੁੰਆਂ ਨਾਲ ਖਰੂੰਡ ਦਿੰਦੀ। ਇੱਕ—ਦੋ ਵਾਰੀ ਤਾਂ ਉਸਨੇ ਸਾਮਾਨ ਨੂੰ ਏਧਰ—ਉਧਰ ਸੁੱਟ ਕੇ ਵਗਾਹ ਮਾਰਿਆ ਸੀ।

ਲੜਕਾ ਉਸਦਾ ਹੱਥ ਫੜਕੇ ਜ਼ਬਰਨ ਕਾਰ ਵਿੱਚ ਨਾ ਬਿਠਾਉਂਦਾ ਤਾਂ ਪਤਾ ਨਹੀਂ ਕੀ ਹੋ ਜਾਂਦਾ। ਅਲਤਮਸ਼ ਵੀ ਉੱਥੇ ਨਹੀਂ ਸੀ ਦਿਸ ਰਿਹਾ। ਸਾਰੇ ਲੋਕ ਤਿਤਰ—ਬਿਤਰ ਹੋ ਗਏ ਤੇ ਕੁਝ ਚੰਦ ਕਰਮਚਾਰੀ ਹੋਟਲ ਦੇ ਹੀ ਸਨ ਜੋ ਇਧਰ—ਉਧਰ ਬੌਖਲਾਇ ਫਿਰ ਰਹੇ ਸਨ।

ਸੈਲੀਨਾ ਤਾਂ ਰਾਤੋ—ਰਾਤ ਲੈਬਨਾਨ ਤੋਂ ਨਿਕਲ ਗਈ। ਕਿਸੇ ਨੂੰ ਕੁਝ ਨਹੀਂਸੀ ਪਤਾ ਕਿ ਉਹ ਕਿੱਥੇ ਚੱਲੀ ਗਈ। ਉਸਦਾ ਸਟਾਫ਼ ਵੀ ਨਦਾਰਦ ਸੀ ਅਤੇ ਉਸਨੂੰ ਗਾਈਡ ਵੀ ਸੈਲੀਨਾ ਦੇ ਨਾਲ ਆਇਆ ਨੌਜਵਾਨ ਹੀ ਕਰ ਰਿਹਾ ਸੀ।

ਸੈਲੀਨਾ ਦੇ ਨਾਲ ਕਿਸੇ ਦਾ ਕੋਈ ਸੰਪਰਕ ਨਹੀਂ ਸੀ ਹੋ ਰਿਹਾ।

ਜੌਹਨ ਅਲਤਮਸ਼ ਦੀ ਯੂਨਿਟ ਨੇ ਵੀ ਆਪਣਾ ਖਲੇਰਾ ਸਮੇਟਣਾ ਸ਼ੁਰੂ ਕਰ ਲਿਆ, ਜਿਸ ਨੂੰ ਸਜ਼ਾਉਣ—ਟਿਕਾਉਣ ਲਈ ਹਫ਼ਤੇ ਲੱਗ ਗਏ ਸਨ। ਇੰਜ ਲੱਗਦਾ ਸੀ ਕਿ ਜਿਵੇਂ ਕੋਈ ਤਾਸ਼ ਦਾ ਮਹਿਲ ਸਜਾਇਆ ਗਿਆ ਅਤੇ ਅਚਾਨਕ ਗਿਰ ਗਿਆ ਤੇ ਮਗਰੋਂ ਨਾ ਕੋਈ ਬਾਦਸ਼ਾਹ ਦੀ ਖ਼ਬਰ ਸੀ, ਨਾ ਰਾਣੀ ਦੀ ਤੇ ਨਾ ਹੀ ਗੁਲਾਮ ਦੀ।

ਬੈਰੂਤ ਸ਼ਹਿਰ ਦੇ ਇੱਕ ਸਿਰੇ ਤੇ ਵਸੇ ਇਸ ਟਾਪੂ ਦੇ ਖੁਸ਼ਨੁਮਾ ਪੱਥਰਾਂ ਨੇ

ਸਾਲੋਂ—ਸਾਲ ਪਾਣੀ ਵਿੱਚ ਖੜ੍ਹੇ ਰਹਿ ਕੇ ਅੱਜ ਅਪਮਾਨ ਤੇ ਨਾਫਰਮਾਨੀ ਦਾ ਜੋ ਮੰਜ਼ਰ ਦੇਖਿਆ, ਪਹਿਲਾਂ ਅਜਿਹਾ ਕਦੇ ਨਹੀਂ ਸੀ ਦੇਖਿਆ। ਲੋਕ ਵੀ ਹੈਰਾਨ ਸਨ। ਸੈਲੀਨਾ ਦੀ ਸ਼ੂਟਿੰਗ ਤੇ ਜੋ ਲੋਕ ਪਹਿਲਾਂ ਵੀ ਹੁੰਦੇ ਸਨ ਉਨ੍ਹਾਂ ਨੂੰ ਵੀ ਬੜੀ ਹੈਰਾਨੀ ਹੋ ਰਹੀ ਸੀ। ਉਨ੍ਹਾਂ ਨੂੰ ਲੱਗਾ ਕਿ ਜਿਵੇਂ ਕਿਸੇ ਨੇ ਸੈਲੀਨਾ ਤੇ ਕੋਈ ਜਾਦੂ—ਮੰਤਰ ਕਰ ਦਿੱਤਾ ਹੋਵੇ।।। ਕਾਲਾ ਜਾਦੂ।।।।

ਰੀਟੇਕ ਤੇ ਰੀਟੇਕ ਹੁੰਦੇ ਰਹੇ ਪਰ ਸੈਲੀਨਾ ਤੋਂ ਕੋਈ ਕੰਮ ਨਹੀਂ ਸੀ ਕੀਤਾ ਜਾ ਰਿਹਾ। ਪੂਰੀ ਯੂਨਿਟ ਕਈ ਵਾਰ ਰਿਹਸਲ ਅਤੇ ਟੇਕ ਕਰ—ਕਰਕੇ ਆਜਿਜ਼ ਆ ਗਈ, ਪਰ ਸੈਲੀਨਾ ਉਹ ਨਹੀਂ ਸੀ ਕਰ ਪਾ ਰਹੀ ਜੋ ਉਸਨੂੰ ਕਿਹਾ ਜਾ ਰਿਹਾ ਸੀ। ਉਹ ਹੱਸ ਪੈਂਦੀ। ਫੇਰ ਹੱਸ ਪੈਂਦੀ, ਫੇਰ ਹੱਸਦੀ ਤੇ ਖਿਲਖਿਲਾ ਪੈਂਦੀ, ਪਰ ਜੌਹਨ ਅਲਤਮਸ਼ ਖੁਸ਼ ਹੋਣ ਦੀ ਬਜਾਇ ਮੁਰਝਾ ਜਾਂਦਾ। ਉਸਦੇ ਚਿਹਰੇ ਤੇ ਹੈਰਾਨੀ ਬੇਬਸੀ ਗੁੱਸਾ, ਬੇਕਦਰੀ, ਆਸ—ਉਮੀਦ, ਧੀਰਜ ਸਭ ਆਉਂਦਾ ਪਰ

ਤਸੱਲੀ ਜਾਂ ਸੰਤੋਖ ਨਾ ਆਉਂਦਾ।

ਸੈਲੀਨਾ ਦੇ ਚਿਹਰੇ ਤੇ ਵੀ ਤਨਾਉ ਵੱਧਦਾ ਜਾਂਦਾ। ਉਹ ਪਾਗਲਪਨੇ ਦੀ ਹੱਦ ਤੀਕ ਝੱਲੀ ਹੁੰਦੀ ਜਾਂਦੀ।।। ਉਸਦੇ ਚਿਹਰੇ ਤੇ ਜੋ ਭਾਵ ਆਉਂਦੇ ਉਨ੍ਹਾਂ ਵਿੱਚ ਨਸ਼ਾ ਹੁੰਦਾ, ਸਰੂਰ ਹੁੰਦਾ, ਖਿੱਝ ਹੁੰਦੀ, ਆਸ—ਉਮੀਦ ਵੀ, ਬੁਜ਼ਦਿਲੀ ਵੀ ਹੁੰਦੀ ਪਰ ਪ੍ਰਸੰਨਤਾ ਵਾਲੀ ਸੰਜ਼ੀਦਗੀ ਨਹੀਂ ਸੀ। ਪਤਾ ਨਹੀਂ ਕੀ ਵਾਪਰ ਗਿਆ ਸੀ ਇਸ ਭਾਵੁਕ ਅਭਿਨੇਤ੍ਰੀ ਨੂੰ, ਜੋ ਆਪਣੇ ਨਿਰਦੇਸ਼ਕ ਦੇ ਕਹੇ ਅਨੁਸਾਰ ਪਰਫਾਰਮ ਨਹੀਂ ਸੀ ਕਰ ਪਾ ਰਹੀ।

ਉਸਦੇ ਸਾਜੀ, ਸਹਾਇਕ, ਸਟਾਫ਼ ਵਾਲੇ ਸਭ ਹੈਰਾਨ ਸਨ। ਉਨ੍ਹਾਂ ਨੇ ਆਪਣੀ ਮੈਡਮ ਨੂੰ ਦੁਨੀਆਂ ਭਰ ਵਿੱਚ ਜਿਹੋ ਜਿਹੇ ਜਲਵੇ ਵਿਖਾਉਂਦੀ ਵੇਖਿਆ ਸੀ ਅੱਜ ਤਾਂ ਉਸ ਦਾ ਰੱਤੀ ਭਰ ਵੀ ਨਹੀਂ ਸੀ। ਲਗਾਤਾਰ ਦੋ ਦਿਨਾਂ ਦੀ ਜੀ—ਤੋੜ ਕੋਸ਼ਿਸ਼ਾਂ ਮਗਰੋਂ ਵੀ ਕੋਈ ਸਿੱਟਾ ਨਾ ਨਿਕਲਿਆ। ਕਰੌੜਾਂ ਰੁਪਏ ਪਾਣੀ ਦੀ ਤਰ੍ਹਾਂ

ਸਵਾਹ ਹੋ ਗਏ। ਸਭਨਾਂ ਦੇ ਮੂੜ ਖਰਾਬ, ਸਭ ਦੇ ਚਿਹਰੇ ਬੁਝ ਗਏ, ਸਾਰੇ ਉਦਾਸ ਤੇ ਖਿਨੰਮਨ ਹੋ ਆਇ। ਕਿਸੇ ਦਾ ਧਿਆਨ ਬੈਰੂਤ ਸ਼ਹਿਰ ਦੀ ਰੌਣਕ ਜਾਂ ਸੈਰ—ਸਪਾਟੇ ਵੱਲ ਨਹੀਂ ਗਿਆ। ਸਭ ਹਤਾਸ਼ ਹੋਏ ਆਪਣਾ—ਆਪਣਾ ਸਾਮਾਨ ਸਮੇਟਣ ਵੱਲ ਲੱਗ ਗਏ। ਉੱਥੇ ਇਕੱਠੇ ਕੀਤੇ ਗਏ ਲੋਕ ਭਾਵੇਂ ਅਲੱਗ—ਅਲੱਗ ਦੇਸ਼ਾਂ ਦੇ ਰਹਿਣ ਵਾਲੇ ਸਨ ਅਤੇ ਉਹ ਭਾਸ਼ਾ ਵੀ ਨਹੀਂ ਸੀ ਜਾਣਦੇ, ਜਿਸ ਵਿੱਚ ਹੋਈ ਬੋਲ—ਬੁਲਾਈ ਨਾਲ ਸਭ ਕੁਝ ਖੇਰੂੰ ਖੇਰੂੰ ਹੋ ਚੁੱਕਾ ਸੀ। ਪਰ ਤਲਖ਼ ਬੋਲਚਾਲ, ਭੜਕੀਲੇ ਭਾਵ—ਪ੍ਰਗਟਾਵੇ ਅਤੇ ਹਫੜਾ—ਤਫੜੀ ਵਿੱਚ ਉੱਥੇ ਜੋ ਕੁਝ ਵੀ ਵਾਪਰਿਆ, ਉਸਦਾ ਅੰਦਾਜ਼ਾ ਸਹਿਜੇ ਹੀ ਲੱਗਾ ਸਕਦੇ ਸਨ। ਉਨ੍ਹਾਂ ਨੂੰ ਇਸ ਗੱਲ ਦਾ ਮਲਾਲ ਸੀ ਕਿ ਉਹ ਇੱਕ ਬੇਮਿਸਾਲ ਯਾਦਗਾਰ ਮੌਕੇ ਦੇ ਸਹਿਭਾਗੀ ਹੋਣੋਂ ਰਹਿ ਗਏ। ਜੋ

ਸੁਪਨੇ ਲੈ ਕੇ ਇੱਥੇ ਪਹੁੰਚੇ ਸਨ ਉਹ ਸਾਕਾਰ ਨਹੀਂ ਸੀ ਹੋ ਸਕੇ। ਸ਼ੂਟਿੰਗ ਬੇਕਾਰ ਰਹੀ।

ਕਿਸੇ ਮੇਲੇ ਦੇ ਖ਼ਤਮ ਹੋਣ ਵਾਂਗ ਸਭ ਤੰਬੂ—ਡੇਰੇ ਚੁੱਕ ਲਏ ਗਏ।

ਜੌਹਨ ਅਲਤਮਸ਼ ਦਾ ਦਫ਼ਤਰ ਹੋਏ ਜਾਂ ਸੈਲੀਨਾ ਨੰਦਾ ਦੀ ਕੰਪਨੀ, ਫਿਲਹਾਲ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਪਲਾਂ—ਛਿਨਾਂ ਦੀ ਇਸ ਅਸਫ਼ਲਤਾ ਤੋਂ ਉਨ੍ਹਾਂ ਨੂੰ ਕਿੰਨਾਂ ਮਾਲੀ ਨੁਕਸਾਨ ਝੱਲਣਾ ਪਿਆ ਸੀ। ਇਸ ਵੇਲੇ ਦਾ ਖਮਿਆਜ਼ਾ ਸਿਰਫ਼ ਵਰਤਮਾਨ ਹੀ ਨਹੀਂ ਸਗੋਂ ਭਵਿੱਖ ਵਿੱਚ ਵੀ ਪੂਰਾ ਹੋਣਾ ਔਖਾ ਸੀ। ਦੋਵੇਂ ਪਾਸਿਓਂ ਇੱਕ ਲੰਬੀ ਚੁੱਪੀ ਇਸ ਗੱਲ ਦੀ ਹਾਮੀ ਸੀ ਕਿ ਕਿਸੇ ਵੀ ਸਮੇਂ ਇੱਕ ਸ਼ੀਤ ਯੁੱਧ ਦਾ ਆਰੰਭ ਹੋ ਸਕਦਾ ਹੈ।

ਹੋਟਲ ਨੂੰ ਵੀ ਆਪਣੇ ਆਰਜ਼ੀ ਪ੍ਰਬੰਧਾਂ ਦੀ ਕੀਮਤ ਜਾਂ ਹੋਰ ਖਰਚਿਆਂ ਦੀ ਲਾਗਤ ਵਸੂਲ ਕਰਨ ਲਈ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਖ਼ਤਿਆਰ ਕਰਨੀ ਪਈ ਸੀ। ਕਿਤੇ—ਕਿਤੇ ਸੁਰੱਖਿਆ ਬਲਾਂ ਦੀ ਸਹਾਇਤਾ ਲੈਣੀ ਪਈ ਸੀ। ਜਿੰਨ੍ਹਾਂ ਕਮਰਿਆਂ ਦਾ ਕਿਰਾਇਆ—ਭੁਗਤਾਨ ਨਹੀਂ ਸੀ ਕੀਤਾ ਗਿਆ, ਉਨ੍ਹਾਂ ਵਿਚਲਾ ਸਾਮਾਨ ਜਪਤ ਕਰਨਾ ਪਿਆ। ਦੋਵੇਂ ਧਿਰਾਂ ਵਲੋਂ ਪੁਲਿਸ ਰਿਪੋਟ ਦਰਜ਼ ਕਰਵਾਉਂਣ ਸਬੰਧੀ ਧਮਕੀਆਂ ਵੀ ਦਿੱਤੀਆਂ ਗਈਆਂ।

ਇਸੇ ਦੌਰਾਨ ਇੱਕ ਉੱਡਦੀ—ਉੱਡਦੀ ਖ਼ਬਰ ਆਈ ਕਿ ਜੌਹਨ ਅਲਤਮਸ਼ ਦਾ ਆਪਣੇ ਪਰਿਵਾਰ ਵਿੱਚ ਵੀ ਝਗੜਾ ਚੱਲ ਰਿਹਾ ਹੈ। ਉਸਦੇ ਘਰ ਛਾਪਾ ਵੀ ਪਿਆ ਹੈ। ਉਧਰ ਸੈਲੀਨਾ ਦੇ ਵੀ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਕ੍ਰਿਟੀਕਲ ਚੱਲ ਰਹੀ ਹੈ। ਇਸੇ ਕਰਕੇ ਕਿਆਫ਼ੇ ਲਾਏ ਜਾਣ ਲੱਗੇ ਕਿ ਸੰਭਵ ਹੈ ਉਹ ਭਾਰਤ ਹੀ ਪਰਤ ਗਈ ਹੋਵੇ।

ਕੁਝ ਹਫਤਿਆਂ ਮਗਰੋਂ ਸੈਲੀਨਾ ਨੰਦਾ ਇੱਕ ਵਾਰ ਫੇਰ ਮੀਡੀਆ ਦੀ

ਸੁਰਖੀ ਬਣ ਕੇ ਉਭਰੀ। ਉਸਨੂੰ ਡਬਲਿਨ ਦੇ ਪ੍ਰੋਡੀਊਸਰ ਜੌਹਨ ਅਲਤਮਸ਼ ਵੱਲੋਂ ਕਾਨੂਨੀ ਨੋਟਿਸ ਭੇਜਿਆ ਗਿਆ ਕਿ ਉਸਨੇ ਐਗਰੀਮੈਂਟ ਦੇ ਮੁਤਾਬਿਕ ਕੰਮ ਨਾ ਕਰਕੇ ਕੰਪਨੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਨਾਲ ਹੀ ਐਗਰੀਮੈਂਟ ਦੇ ਮੁਤਾਬਿਕ ਵਸੂਲ ਕੀਤੀ ਸਾਈਨਿੰਗ ਮਨੀ ਵੀ ਵਾਪਸ ਕਰਨੀ ਹੋਵੇਗੀ। ਇਸ ਤੋਂ ਵੱਧ ਕੇ ਤਿੰਨ ਗੁਣਾ ਹਰਜ਼ਾਨਾ ਵੀ ਨਿਰਮਾਤਾ ਨੂੰ ਅਦਾ ਕਰਨਾ ਪਵੇਗਾ। ਇੱਕ ਅਖ਼ਬਾਰ ਵਿੱਚ ਤਾਂ ਸੈਲੀਨਾ ਨਾਲ ਕੀਤੇ ਗਏ ਐਗਰੀਮੈਂਟ ਦੀ ਨਕਲ ਵੀ ਛੱਪੀ ਸੀ ਜਿਸ ਵਿੱਚ ਸਾਫ਼ ਤੌਰ ਤੇ ਉਸ ਕਲਾਜ਼ ਨੂੰ ਹਾਈ ਲਾਈਟ ਕੀਤਾ ਗਿਆ ਸੀ, ਜਿਸ ਦੇ ਅਧੀਨ ਉਸਨੂੰ ਤਿੰਨ ਗੁਣਾ ਰਕਮ ਹਰਜ਼ਾਨੇ ਵਜੋਂ ਭਰਨ ਦਾ ਜ਼ਿਕਰ ਕੀਤਾ ਹੋਇਆ ਸੀ। ਸੈਲੀਨਾ ਦੀ ਵਿਰੋਧੀ ਧਿਰ ਵਲੋਂ ਹਰ ਸਵਾਲ—ਜਵਾਬ ਵਧਾ—ਚੜ੍ਹਾ ਕੇ ਤੇ ਤੋੜ—ਮਰੋੜ ਕੇ ਪੇਸ਼ ਕੀਤਾ ਜਾਣ ਲੱਗਾ। ਸੈਲੀਨਾ ਦੀ ਸਖ਼ਸ਼ੀਅਤ ਤੇ ਵੀ ਹਮਲੇ ਕੀਤੇ ਜਾਣ ਲੱਗੇ।

ਸੈਲੀਨਾ ਦੀ ਕੋਠੀ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚ ਵੀ ਹੁਣ ਉਸਦੇ ਨਾਲ ਨਾਮੀ—ਗਿਰਾਮੀ ਪ੍ਰੋਡੀਊਸਰਾਂ ਤੇ ਸਤਾਰਿਆਂ ਦੀ ਥਾਂ ਨਾਮੀ—ਗਿਰਾਮੀ ਵਕੀਲ ਅਤੇ ਕਾਨੂੰਨੀ ਸਲਾਹਕਾਰ ਹੀ ਦੇਖੇ ਜਾਣ ਲੱਗੇ। ਦੁਨੀਆ ਭਰ ਦੇ ਮੰਨੇ—ਪਰਮੰਨੇ ਵਿਚੋਲੇ ਵੀ ਆ ਬੈਠੇ, ਜੋ ਭਾਰੀ ਫੀਸ ਅਤੇ ਮੁਨਾਫ਼ੇ ਦੇ ਨਾਲ—ਨਾਲ ਸੈਲੀਨਾ ਨੂੰ ਅਜਿਹੀ ਸਲਾਹ ਮੁਹਈਆ ਕਰਵਾ ਰਹੇ ਸਨ ਕਿ ਜੌਹਨ ਅਲਤਮਸ਼ ਵਲੋਂ ਸਾਰੇ ਨੁਕਸਾਨ ਦੀ ਭਰਪਾਈ ਬੀਮਾ ਕੰਪਨੀ ਤੋਂ ਕਰ ਲੈਣ ਉਪਰੰਤ ਸੈਲੀਨਾ ਤੇ ਐਡੇ ਵੱਡੇ ਹਰਜ਼ਾਨੇ ਦਾ ਦਾਵਾ ਕਰਨ ਦਾ ਕੋਈ ਤੁਕ ਨਹੀਂ ਬਣਦਾ।

ਮੁੰਬਈ ਦੇ ਇੱਕ ਵੱਡੇ ਜਿਓਤਸ਼ੀ ਨੇ ਇੱਕ ਚੈਨਲ ਦੇ ਰਾਹੀਂ ਇਹ ਰਾਜ ਖੋਲ੍ਹ ਦਿੱਤਾ ਕਿ ਪ੍ਰਸਿੱਧ ਸੈਲੀਬ੍ਰਿਟੀ ਸੈਲੀਨਾ ਨੰਦਾ ਦੇ ਸਿਤਾਰੇ ਡੂੰਘੀ ਗਰਦਿਸ਼ ਵਿੱਚ ਹਨ ਅਤੇ ਉਸਨੂੰ ਇਸ ਗ੍ਰਹਿਚਾਲ ਦੀ ਕੀਮਤ ਭਾਰੀ ਨੁਕਸਾਨ ਨਾਲ ਚੁਕਾਉਣੀ ਪੈ ਸਕਦੀ ਹੈ।

ਇਸੇ ਅਖੌਤੀ ਜੋਤਸ਼ੀ ਮਹਾਰਾਜ ਦੀ ਚੜ੍ਹਤ ਇਸ ਗੱਲੋਂ ਵੀ ਮੰਨੀ ਗਈ, ਜਦ ਅਖ਼ਬਾਰਾਂ ਵਿੱਚ ਸੈਲੀਨਾ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਦੀ ਖ਼ਬਰ ਛੱਪ ਗਈ। ਇਸ ਦੀ ਸਿਹਤ ਨੂੰ ਲੈ ਕੇ ਉਹ ਕਈ ਹਫ਼ਤਿਆਂ ਤੋਂ ਟੈਨਸ਼ਨ ਵਿੱਚ ਰਹਿ ਰਹੀ ਸੀ। ਖ਼ਬਰ ਇਹ ਵੀ ਸੀ ਕਿ ਮਰਨ ਵਾਲਾ ਸੱਜਣ ਨਾ ਸਿਰਫ਼ ਪਰਿਵਾਰ ਦਾ ਸਰਪ੍ਰਸਤ ਹੀ ਸੀ, ਸਗੋਂ ਬਾਪ ਬਰਾਬਰ ਸੀ ਤੇ ਇਸਦਾ ਸਾਰਾ ਕਾਰੋਬਾਰ ਉਸੇ ਨੇ ਹੀ ਸੰਭਾਲਿਆ ਹੋਇਆ ਸੀ। ਪ੍ਰੈਸ ਨੇ ਇੱਕ ਵਾਰ ਫਿਰ ਤੋਂ ਸੈਲੀਨਾ ਦੀਆਂ ਤਸਵੀਰਾਂ ਨਾਲ ਬੇਸ਼ੂਮਾਰ ਪੰਨੇ ਰੰਗ ਦਿੱਤੇ। ਇਸ ਦੇ ਨਾਲ—ਨਾਲ ਇੱਕ ਮਸ਼ਹੂਰ ਅਖ਼ਬਾਰ ਨੇ ਕਈ ਫਿਲਮੀ ਸਿਤਾਰਿਆਂ ਦੀ ਜਨਮ ਕੁੰਡਲੀ ਛਾਪ ਕੇ ਉਸ ਤੇ ਕਈ ਮਾਹਿਰ ਜੋਤਸ਼ੀਆਂ ਦੇ ਵਿਚਾਰ ਛਾਪਣ ਵਾਲਾ ਇੱਕ ਲੜੀਵਾਰ ਕਾਲਮ ਹੀ ਸ਼ੁਰੂ ਕਰ ਦਿੱਤਾ।

ਰਾਜਸਥਾਨ ਦੀ ਇੱਕ ਸੰਸਕ੍ਰਿਤ ਯੂਨੀਵਰਸਿਟੀ ਦੇ ਜੋਤਿਸ਼ ਵਿਭਾਗ ਵੱਲੋਂ ਤਾਂ ਸੈਲੀਨਾ ਨੰਦਾ ਦੀ ਜਨਮ ਕੁੰਡਲੀ ਦੇ ਸਬੰਧੀ ਕੁਝ ਪ੍ਰਸ਼ਨ ਵੀ ਪ੍ਰੀਖਿਆ ਪੱਤਰ ਵਿੱਚ ਪੁੱਛੇ ਗਏ ਸਨ। ਵਿਦਿਆਰਥੀਆਂ ਨੂੰ ਇਸ ਦੀ ਜਨਮ ਪੱਤਰੀ ਦਾ ਅਧਿਐਨ ਪਾਠ—ਸਮੱਗਰੀ ਦੇ ਤੌਰ ਤੇ ਕਰਨਾ ਪਿਆ।

ਕਾਨੂੰਨੀ ਸਲਾਹ—ਮਸ਼ਵਰਿਆਂ ਦੇ ਦੌਰ ਚੱਲਦੇ ਰਹੇ। ਇਸ ਮਾਮਲੇ ਦਾ ਜਦ ਸੈਲੀਨਾ ਦੇ ਨਾਮ ਤੇ ਚੱਲਣ ਵਾਲਾ ਕੋਲਾਬਾ ਦਾ ਇੱਕ ਬਿਊਟੀ ਸੈਲੂਨ ਵਕੀਲਾਂ ਦੀ ਫੀਸ ਭਰਨ ਲਈ ਵੇਚਣਾ ਪਿਆ। ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਚੱਲਣ ਵਾਲਾ ਇਹ ਸੈਲੂਨ ਸੁੰਦਰਤਾ ਮੁਕਾਬਲਿਆਂ ਦੀ ਤਿਆਰੀ ਕਰ ਰਹੀਆਂ ਲੜਕੀਆਂ ਵਿੱਚ ਬੇਹੱਦ ਮਸ਼ਹੂਰ ਸੀ। ਇਹ ਵੀ ਕਿਹਾ ਜਾਂਦਾ ਸੀ ਕਿ ਮੁੰਬਈ ਦੀ ਜ਼ਿੰਦਗੀ ਵਿੱਚ ਸਾਦਗੀ ਨਾਲ ਰਹਿਣ ਵਾਲੇ ਖੁਦਦਾਰ ਲੋਕਾਂ ਲਈ ਇਹ ਸੈਲੂਨ ਦਿੱਲੀ ਦੀ ਤੜਕ—ਭੜਕ ਦੇ ਮੁਕਾਬਲੇ ਖੜ੍ਹਾ ਕਰਨ ਦਾ ਕੰਮ ਭਲੀ—ਭਾਂਤ ਕਰ ਰਿਹਾ ਸੀ। ਦੇਸ਼ ਵਿੱਚ ਸੈਲੀਨਾ ਦੇ ਸਨਮਾਨ ਨੂੰ ਬੱਟਾ ਲਗਾਉਣ ਵਾਲੀਆਂ ਖ਼ਬਰਾਂ ਦੇ

ਜੰਜਾਲ ਵਿੱਚੋਂ ਉਸਦਾ ਅਕਸ ਬਚਾਏ ਰੱਖਣ ਲਈ ਵਿਭਿੰਨ ਚੈਨਲਾਂ ਤੇ ਪ੍ਰੋਗਰਾਮ ਦਿੱਤੇ ਜਾ ਰਹੇ ਸਨ, ਜਿਸ ਤੇ ਭਾਰੀ ਖਰਚਾ ਕੀਤਾ ਜਾ ਰਿਹਾ ਸੀ।

ਇਸੇ ਦੌਰਾਨ ਸ਼ਹਿਰ ਦੀ ਇੱਕ ਪੁਰਾਣੀ ਅਤੇ ਹਰਮਨ ਪਿਆਰੀ ਫੈਸ਼ਨ ਮੈਗਜ਼ੀਨ ਦੇ ਕਵਰ ਪੇਜ਼ ਤੇ ਸੈਲੀਨਾ ਦੀ ਛਪੀ ਤਸਵੀਰ ਦੇਖਣ ਵਾਲੇ ਲੋਕ ਹੈਰਾਨ ਰਹਿ ਗਏ। ਇਸ ਤਸਵੀਰ ਵਿੱਚ ਸੈਲੀਨਾ ਨੰਦਾ ਦੇ ਸਿਰ ਦੇ ਵਾਲ ਪੂਰੀ ਤਰਾਂ ਮੁੰਨੇ ਹੋਏ ਸਨ। ਅਨੁਮਾਨ ਲਗਾਏ ਜਾ ਰਹੇ ਸਨ ਕਿ ਇਹ ਗੰਜਾ ਸਿਰ ਕਿਸੇ ਵੱਡੀ ਫਿਲਮ ਵਿਚਲੀ ਉਸਦੀ ਭੂਮਿਕਾ ਦਾ ਨਹੀਂ ਸਗੋਂ ਉਸ ਅਪ੍ਰੇਸ਼ਨ ਵੇਲੇ ਦਾ ਹੋ ਸਕਦਾ ਹੈ ਜੋ ਪਿਛਲੀ ਦਿਨੀ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਕੀਤਾ ਗਿਆ ਸੀ। ਉਸਨੂੰ ਕੋਈ ਦਿਮਾਗੀ ਪ੍ਰੇਸ਼ਾਨੀ ਹੋਣ ਦੇ ਵੀ ਕਿਆਸ ਲਾਏ ਜਾ ਰਹੇ ਸਨ। ਇਸੇ ਬੀਮਾਰੀ ਦੇ ਆਧਾਰ ਤੇ ਪਿਛਲੇ ਦਿਨੀਂ ਉਸਦੇ ਦੋ—ਇੱਕ ਫਿਲਮਾਂ ਤੋਂ ਹੱਟ ਜਾਣ ਦੀਆਂ ਖ਼ਬਰਾਂ ਵੀ ਛੱਪੀਆਂ ਸਨ। ਮੀਡੀਆ ਲੱਭਦਾ ਰਿਹਾ ਪਰ ਇਹ ਉਸਨੂੰ ਕਿਤੇ ਨਹੀਂ ਸੀ ਮਿਲੀ।

ਇਨ੍ਹਾਂ ਦੀ ਹਾਸੀ ਨੂੰ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਇਆ ਜਿਸਨੂੰ ਚੰਦ ਦਿਨਾਂ ਵਿੱਚ ਹੀ ਕਰੋੜਾਂ ਲੋਕਾਂ ਨੇ ਦੇਖਿਆ ਸੀ। ਇਸ ਵੀਡੀਓ ਵਿੱਚ ਉਸਨੂੰ ਵਿਭਿੰਨ ਅੰਦਾਜ਼ਾਂ ਵਿੱਚ ਹੱਸਦੇ ਹੋਏ ਦਿਖਾਇਆ ਗਿਆ

ਸੀ। ਉਹ ਵੱਖ—ਵੱਖ ਪੋਸ਼ਾਕਾਂ ਤੇ ਮੇਕਅੱਪ ਵਿੱਚ ਅਲੱਗ—ਅਲੱਗ ਢੰਗਾਂ ਨਾਲ ਹੱਸਦੀ ਨਜ਼ਰ ਆਉਂਦੀ ਸੀ। ਇਹ ਵੀਡੀਓ ਕਈਆਂ ਟੀ।ਵੀ। ਚੈਨਲਾਂ ਤੇ ਵੀ ਦਿਖਾਇਆ ਜਾ ਰਿਹਾ ਸੀ। ਕਿਸੇ ਇੱਕੋ ਮਨੁੱਖ ਦੇ ਚਿਹਰੇ ਤੇ ਦਰਜ਼ਨਾਂ ਭਾਂਤ ਦੀ ਹਾਸੀ ਕਿਸ ਪ੍ਰਕਾਰ ਅਸਰਦਾਰ ਹੋ ਸਕਦੀ ਹੈ ਇਹ ਵੀਡੀਓ ਉਸ ਦੀ ਮਿਸਾਲ ਸੀ। ਮੰਦ—ਮੰਦ ਮੁਸਕੁਰਾਉਣਾ ਤੋਂ ਲੈ ਕੇ ਗਿਰਦੇ ਝਰਨੇ ਵਾਂਗ ਦੀ ਲਗਾਤਾਰ ਹਾਸੀ ਇਸ ਦਿਖਾਵੇ ਵਿੱਚ ਸ਼ਾਮਿਲ ਸੀ।

ਲੋਕੀ ਇਸ ਵੀਡੀਓ ਨੂੰ ਸਾਹਮਣੇ ਰੱਖ ਕੇ, ਠੀਕ ਉਸੇ ਭਾਂਤ ਹੱਸਣ ਦਾ ਅਭਿਆਸ ਕਰਦੇ। ਸ਼ਹਿਰਾਂ ਵਿੱਚ ਸਵੇਰ ਵੇਲੇ ਕਈ ਯੋਗਾ ਅਤੇ ਲਾਫਟਰ ਕਲੱਬ ਇਸ ਵੀਡੀਓ ਨੂੰ ਆਪਣੇ ਮੈਂਬਰਾਂ ਸਾਹਮਣੇ ਦਿਖਾ ਕੇ ਵਿਭਿੰਨ ਅੰਦਾਜ਼ਾਂ ਤੇ ਪੋਜ਼ ਬਣਾ ਕੇ ਹਸਾਉਣ ਦਾ ਅਭਿਆਸ ਕਰਾਉਂਦੇ ਦੇਖੇ ਜਾਂਦੇ। ਇਹੀ ਵੀਡੀਓ ਕਈ ਟੀ।ਵੀ। ਚੈਨਲਾਂ ਤੇ ਵੀ ਦਿਖਾਏ ਜਾਂਦੇ। ਇਸ ਵਿੱਚ ਹਾਸਿਆਂ ਦਾ ਹਰ ਰੰਗ ਸੀ—ਹੰਝੂ ਕੱਢ ਦੇਣ ਤੋਂ ਲੈ ਕੇ ਫੁੱਲਾਂ ਵਾਂਗ ਖਿਲਾ ਦੇਣ ਵਾਲਾ ਹਾਸਾ ਇਸ ਵਿੱਚ ਸ਼ੁਮਾਰ ਸੀ। ਗਾਉਂਦਾ ਹਾਸਾ, ਖਾਮੋਸ਼ ਹਾਸਾ, ਲਰਜਦਾ ਹਾਸਾ, ਪਾਗਲ ਹਾਸਾ, ਫਰਿਯਾਦੀ ਹਾਸਾ, ਕਾਤਰ ਹਾਸਾ, ਬੰਜਰ ਹਾਸਾ, ਰੁਆਉਣ ਵਾਲਾ ਤੇ ਹਸਾਉਣ ਵਾਲਾ ਹਾਸਾ ਆਦਿ ਸਭ ਭਾਂਤ ਦਾ ਹਾਸਾ ਅੱਡ—ਅੱਡ ਪੋਜ਼ ਦੇ ਕੇ ਪ੍ਰਦਰਸ਼ਿਤ ਕੀਤਾ ਗਿਆ ਸੀ।